ਸਹੀ ਸੁਣਨਾ 'ਆਟਿਜ਼ਮ' ਦੇ ਸ਼ਿਕਾਰ ਬੱਚਿਆਂ ਲਈ ਜ਼ਰੂਰੀ
ਸਾਡੇ ਸਮਾਜ 'ਚ ਅਜਿਹੇ ਬੱਚਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਨ੍ਹਾਂ ਦੇ ਦਿਮਾਗ ਦਾ ਵਿਕਾਸ ਅਧੂਰਾ ਰਹਿ ਜਾਂਦਾ ਹੈ ਜਾਂ ਨੁਕਸਦਾਰ ਹੁੰਦਾ ਹੈ। ਲੋੜ ਤੋਂ ਵਧੇਰੇ ਡਰਪੋਕ ਹੋਣਾ ਜਾਂ ਲੋੜ ਮੁਤਾਬਿਕ ਵੀ ਨਾ ਡਰਨਾ, ਸ਼ਰਾਰਤੀ ਹੋਣਾ, ਲੋੜ ਤੋਂ ਵਧੇਰੇ ਬੋਲਣਾ ਜਾਂ ਬਹੁਤ ਘੱਟ ਬੋਲਣਾ, ਗੈਰ-ਸਮਾਜਿਕ ਪੱਧਰ ਤੱਕ ਸ਼ਰਾਰਤੀ ਹੋਣਾ, ਛੋਟੀ-ਛੋਟੀ ਗੱਲ 'ਤੇ ਰੌਲਾ ਪਾਉਣਾ, ਢੀਠ ਹੋਣਾ ਜਾਂ ਸ਼ਕਲ ਅਤੇ ਦੇਖਣ ਦਾ ਨੁਕਸ ਹੋਣਾ ਆਦਿ ਆਟਿਜ਼ਮ ਹੋਣ ਦੇ ਲੱਛਣ ਹਨ।
ਦਿਮਾਗ ਦੇ ਵਿਕਾਸ ਲਈ ਸੁਣਨ ਦੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਕੰਮ ਕਰਨਾ ਬੇਹੱਦ ਜ਼ਰੂਰੀ ਹੈ। ਸੁਣਨ ਦਾ ਕੰਮ ਕੰਨ ਕਰਦੇ ਹਨ। ਇਨ੍ਹਾਂ ਦੇ ਤਿੰਨ ਹਿੱਸੇ ਹੁੰਦੇ ਹਨ-ਬਾਹਰੀ ਕੰਨ, ਵਿਚਲਾ ਕੰਨ ਅਤੇ ਅੰਦਰੂਨੀ ਕੰਨ। ਬਾਹਰੀ ਕੰਨ ਜੋ ਆਵਾਜ਼ਾਂ ਫੜਦਾ ਹੈ, ਵਿਚਲਾ ਕੰਨ ਆਵਾਜ਼ਾਂ ਨੂੰ ਅੰਦਰ ਪਹੁੰਚਾਉਂਦਾ ਹੈ ਅਤੇ ਅੰਦਰੂਨੀ ਕੰਨ ਧੁਨੀ ਊਰਜਾ ਨੂੰ ਬਿਜਲਈ ਊਰਜਾ 'ਚ ਬਦਲ ਦਿੰਦਾ ਹੈ, ਜਿਸ ਨੂੰ ਦਿਮਾਗੀ ਨਾੜੀ ਦਿਮਾਗ ਤੱਕ ਲੈ ਜਾਂਦੀ ਹੈ, ਜਿਥੇ ਉਸ ਦਾ ਅਧਿਐਨ ਹੁੰਦਾ ਹੈ। ਸੁਣਨ ਦੀ ਪ੍ਰਕਿਰਿਆ ਦੇ ਵਿਕਾਸ 'ਚ ਕਿਸੇ ਵੀ ਪੱਧਰ 'ਤੇ ਜੇਕਰ ਨੁਕਸ ਰਹਿ ਜਾਏ ਤਾਂ ਦਿਮਾਗ ਦੇ ਵਿਕਾਸ 'ਚ ਅਧੂਰਾਪਨ ਆ ਜਾਂਦਾ ਹੈ।
ਆਟਿਜ਼ਮ ਤੋਂ ਪੀੜਤ ਬੱਚਿਆਂ 'ਚ ਜ਼ਿਆਦਾਤਰ ਵੱਡਾ ਕਾਰਨ ਸੁਣਨ ਦੀ ਪ੍ਰਕਿਰਿਆ ਦਾ ਨੁਕਸਦਾਰ ਹੋਣਾ ਮੰਨਿਆ ਜਾਂਦਾ ਹੈ। ਇਸ ਦੀ ਇਕ ਸ਼ਕਲ ਗੂੰਗੇ-ਬੋਲ਼ੇ ਬੱਚੇ ਹਨ। ਬੱਚਾ ਜਨਮ ਤੋਂ ਹੀ ਸੁਣਨ ਦੀ ਪ੍ਰਕਿਰਿਆ ਤੋਂ ਵਾਂਝਾ ਰਹਿ ਜਾਂਦਾ ਹੈ। ਉਹ ਸੁਣ ਨਹੀਂ ਸਕਦਾ, ਉਹ ਬੋਲ ਵੀ ਨਹੀਂ ਸਕੇਗਾ ਕਿਉਂਕਿ ਬੋਲਣਾ ਸਿੱਖਣਾ ਸੁਣਨ ਦੀ ਪ੍ਰਕਿਰਿਆ ਤੋਂ ਹੀ ਵਿਕਸਿਤ ਹੁੰਦਾ ਹੈ।
ਸ਼ਬਦਾਂ ਨੂੰ ਠੀਕ ਤਰ੍ਹਾਂ ਨਾ ਸੁਣਨ ਕਾਰਨ ਜਾਂ ਮਾਤਾ-ਪਿਤਾ ਅਤੇ ਅਧਿਆਪਕਾਂ ਵਲੋਂ ਸਮੱਸਿਆਵਾਂ ਨੂੰ ਸਮਝੇ ਬਿਨਾਂ ਬੱਚੇ ਨੂੰ ਦੋਸ਼ੀ ਠਹਿਰਾ ਦਿੱਤੇ ਜਾਣ ਕਾਰਨ ਸੰਬੰਧਤ ਬੱਚਿਆਂ ਦਾ ਰਵੱਈਆ ਚਿੜਚਿੜਾ ਹੋਣਾ, ਬਦਤਮੀਜ਼ ਹੋਣਾ ਅਤੇ ਉਸ ਦੀ ਸ਼ਖਸੀਅਤ 'ਚ ਕਈ ਨੁਕਸ ਆ ਜਾਂਦੇ ਹਨ। ਇਨ੍ਹਾਂ ਨੂੰ ਸਾਂਝਾ ਨਾਂ ਵੀ ਦਿੱਤਾ ਗਿਆ ਹੈ 'ਆਡਿਟਰੀ ਪ੍ਰੋਸੈਸਿੰਗ ਡਿਸਆਰਡਰ' ਭਾਵ ਸੁਣਨ ਦੀ ਪ੍ਰਕਿਰਿਆ 'ਚ ਨੁਕਸ।
ਮਾਤਾ-ਪਿਤਾ ਅਤੇ ਅਧਿਆਪਕਾਂ ਵਲੋਂ ਕੱਢੀਆਂ ਗਈਆਂ ਗਾਲ੍ਹਾਂ ਜਾਂ ਕੁੱਟਮਾਰ ਕਾਰਨ ਇਹ ਬੱਚੇ ਉਨ੍ਹਾਂ ਨਾਲ ਨਫਰਤ ਕਰਨ ਲੱਗਦੇ ਹਨ। ਇਸ ਰਵੱਈਏ ਨੂੰ ਮਨੋਵਿਗਿਆਨਕ ਰੋਗ ਕਹਿ ਕੇ ਇਨ੍ਹਾਂ ਬੱਚਿਆਂ ਦਾ ਮਨੋਵਿਗਿਆਨਕ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸਲ 'ਚ ਇਹ ਮਨੋਵਿਗਿਆਨਕ ਰੋਗ ਨਹੀਂ, ਸਗੋਂ ਸੁਣਨ ਦੀ ਪ੍ਰਕਿਰਿਆ ਦਾ ਨੁਕਸ ਹੈ।
ਇਸ ਨੂੰ ਸਮਝਣ ਲਈ ਆਵਾਜ਼ ਨੂੰ ਸਮਝਣਾ ਜ਼ਰੂਰੀ ਹੈ। ਆਵਾਜ਼ ਸਾਡੇ ਕੰਨਾਂ ਤੱਕ ਤਰੰਗਾਂ ਦੇ ਰੂਪ 'ਚ ਪਹੁੰਚਦੀ ਹੈ। ਇਨ੍ਹਾਂ ਤਰੰਗਾਂ ਦੇ ਦੋ ਗੁਣ ਹੁੰਦੇ ਹਨ। ਇਕ ਤਾਂ ਤੀਬਰਤਾ ਭਾਵ ਆਵਾਜ਼ ਕਿੰਨੀ ਉੱਚੀ ਹੈ? ਆਵਾਜ਼ ਤਰੰਗਾਂ ਨੂੰ ਡੈਸੀਬਲ 'ਚ ਮਾਪਿਆ ਜਾਂਦਾ ਹੈ। ਦਸ ਡੈਸੀਬਲ ਤੋਂ ਘੱਟ ਵਾਲੀ ਆਵਾਜ਼ ਸਾਨੂੰ ਸੁਣਦੀ ਹੀ ਨਹੀਂ। ਇਸ ਪਿੱਛੋਂ 10 ਤੋਂ 100 ਡੈਸੀਬਲ ਤੱਕ ਦੀਆਂ ਆਵਾਜ਼ਾਂ ਨੂੰ ਅਸੀਂ ਆਮ ਜ਼ਿੰਦਗੀ 'ਚ ਵਰਤਦੇ ਹਾਂ। ਇਸ ਤੋਂ ਉੱਚੀਆਂ ਆਵਾਜ਼ਾਂ ਸਾਡੇ ਕੰਨਾਂ ਦੇ ਪਰਦੇ ਨੂੰ ਨਸ਼ਟ ਕਰ ਸਕਦੀਆਂ ਹਨ।
ਇਹ ਦੇਖਣ 'ਚ ਆਇਆ ਹੈ ਕਿ ਜਦੋਂ ਅਧਿਆਪਕ ਪੂਰੀ ਕਲਾਸ ਨੂੰ ਪੜ੍ਹਾਉਂਦਾ ਹੈ ਤਾਂ ਉਹ ਬੱਚਿਆਂ 'ਤੇ ਧਿਆਨ ਨਹੀਂ ਦਿੰਦਾ। ਜੇਕਰ ਬੱਚੇ ਨੂੰ ਕੋਈ ਗੱਲ ਇਕੱਲਿਆਂ ਬਿਠਾ ਕੇ ਸਮਝਾਈ ਜਾਂਦੀ ਹੈ ਤਾਂ ਉਹ ਸਮਝ ਜਾਂਦਾ ਹੈ। ਇਸੇ ਤਰ੍ਹਾਂ ਜੋ ਕੰਮ ਬਿਨਾਂ ਆਵਾਜ਼ਾਂ ਸੁਣੇ ਕੀਤੇ ਜਾ ਸਕਦੇ ਹਨ, ਉਨ੍ਹਾਂ ਨੂੰ ਬੱਚਾ ਸਹੀ ਢੰਗ ਨਾਲ ਕਰਦਾ ਹੈ, ਜਿਵੇਂ ਖੇਡਣਾ, ਕੁੱਦਣਾ, ਉੱਛਲਣਾ ਆਦਿ।
ਮਨੋਵਿਗਿਆਨੀ ਨੂੰ ਇਹ ਰਵੱਈਆ ਸਮਝ ਨਹੀਂ ਆਉਂਦਾ ਅਤੇ ਉਹ ਦੁਚਿੱਤੀ 'ਚ ਪੈ ਜਾਂਦਾ ਹੈ ਕਿ ਬੱਚਿਆਂ ਨੂੰ ਠੀਕ ਸੁਣਦਾ ਨਹੀਂ ਜਾਂ ਉਨ੍ਹਾਂ ਨੂੰ ਮਨੋਵਿਗਿਆਨਕ ਸਮੱਸਿਆ ਹੈ। ਇਸ ਸਮੱਸਿਆ ਦਾ ਸਹੀ ਕਾਰਨ ਸਮਝ ਆਉਣ ਪਿੱਛੋਂ ਸਾਲ 1950 'ਚ ਡਾਕਟਰ ਬ੍ਰਾਡ ਨੇ ਇਸ ਦਾ ਇਲਾਜ ਕਰਨ ਲਈ ਇਕ ਕ੍ਰਾਂਤੀਕਾਰੀ ਢੰਗ ਲੱਭਿਆ, ਜਿਸ ਨੂੰ ਆਡਿਟਰੀ ਇੰਟੀਗ੍ਰੇਸ਼ਨ ਥੈਰੇਪੀ ਕਿਹਾ ਜਾਂਦਾ ਹੈ। ਇਕ ਖਾਸ ਕਿਸਮ ਦੀ ਮਸ਼ੀਨ ਈਜਾਦ ਕੀਤੀ ਗਈ, ਜਿਸ ਰਾਹੀਂ ਬੱਚਿਆਂ ਨੂੰ ਵੱਖ-ਵੱਖ ਫ੍ਰੀਕੁਐਂਸੀ ਅਤੇ ਵੱਖ-ਵੱਖ ਤੀਬਰਤਾ ਵਾਲਾ ਸੰਗੀਤ ਸੁਣਾਇਆ ਜਾਂਦਾ ਹੈ। ਹੌਲੀ-ਹੌਲੀ ਇਨ੍ਹਾਂ ਆਵਾਜ਼ਾਂ ਨਾਲ ਬੱਚਿਆਂ ਦੇ ਦਿਮਾਗ ਦੇ ਅਵਿਕਸਿਤ ਸੈੱਲ ਵਿਕਸਿਤ ਹੋ ਜਾਂਦੇ ਹਨ ਅਤੇ ਦਿਮਾਗ ਸੈੱਲਾਂ ਦਾ ਆਪਸੀ ਤਾਲਮੇਲ ਸਹੀ ਢੰਗ ਨਾਲ ਬਣਨ ਲੱਗਦਾ ਹੈ।
ਇਸ ਸੰਗੀਤ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਗਿਆ ਹੈ ਕਿ ਬੱਚਾ ਉਸ ਤੋਂ ਧਿਆਨ ਨਹੀਂ ਹਟਾ ਸਕਦਾ, ਜਿਸ ਕਾਰਨ ਦਿਨੋ-ਦਿਨ ਉਸ ਦੀ ਸ਼ਖਸੀਅਤ 'ਚ ਆਏ ਨੁਕਸ ਠੀਕ ਹੋਣ ਲੱਗਦੇ ਹਨ। ਉਹ ਆਪਣੀ ਕਲਾਸ 'ਚ ਠੀਕ ਤਰ੍ਹਾਂ ਪੜ੍ਹਨ ਲੱਗਦਾ ਹੈ। ਉਹ ਸ਼ਰਾਰਤਾਂ ਛੱਡਣ ਲੱਗਦਾ ਹੈ।
ਉਸ ਦਾ ਵਤੀਰਾ ਗੈਰ-ਸਮਾਜਿਕ ਤੋਂ ਸਮਾਜਿਕ ਅਤੇ ਸਭ ਨੂੰ ਚੰਗਾ ਲੱਗਣ ਵਾਲਾ ਬਣਨ ਲੱਗਦਾ ਹੈ। ਉਹ ਜਿਹੜੇ ਸ਼ਬਦਾਂ ਦਾ ਗਲਤ ਉਚਾਰਨ ਕਰਦਾ ਸੀ, ਹੁਣ ਠੀਕ ਉਚਾਰਨ ਕਰਨ ਲੱਗਦਾ ਹੈ। ਹੌਲੀ-ਹੌਲੀ ਬੱਚਾ ਆਤਮ-ਨਿਰਭਰ ਅਤੇ ਆਮ ਬੱਚਿਆਂ ਵਾਂਗ ਬਣ ਜਾਂਦਾ ਹੈ। ਇਹ ਆਡਿਟਰੀ ਇੰਟੀਗ੍ਰੇਸ਼ਨ ਥੈਰੇਪੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾ. ਕੈਰਿਨ ਸਮਿਥ ਨੇ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨਸ ਫਰੀਦਕੋਟ ਨੂੰ ਤੋਹਫੇ ਦੇ ਤੌਰ 'ਤੇ ਦਿੱਤੀ ਹੈ, ਜਿਥੇ 'ਆਟਿਜ਼ਮ' ਵਾਲੇ ਬੱਚਿਆਂ 'ਚ ਇਹ ਸਫਲਤਾਪੂਰਵਕ ਵਰਤੀ ਜਾ ਰਹੀ ਹੈ।
कोई टिप्पणी नहीं:
एक टिप्पणी भेजें